ਜਲੰਧਰ : ਬੀਤੇ ਦਿਨੀਂ ਇਕ 20 ਸਾਲਾ ਲੜਕੀ ਬੇਹੋਸ਼ੀ ਦੀ ਹਾਲਤ ‘ਚ ਦਿੱਲੀ ‘ਚ ਮਿਲੀ ਜੋ ਕਿ ਜਲੰਧਰ ਦੀ ਰਹਿਣ ਵਾਲੀ ਸੀ ਤੇ ਡਾਕ ਵਿਭਾਗ ‘ਚ ਕੰਮ ਕਰਦੀ ਸੀ l ਪੀੜਤ ਲੜਕੀ ਦੇ ਪਰਿਵਾਰਕ ਮੇਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੜਕੀ 3 ਸਤੰਬਰ ਨੂੰ ਕੰਮ ‘ਤੇ ਗਈ ਸੀ ਤੇ ਮੰਗਲਵਾਰ ਦੇਰ ਰਾਤ ਤਕ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਖਬਰ ਮਿਲੀ ਕਿ ਉਹ ਬੁੱਧਵਾਰ ਨੂੰ ਦਿੱਲੀ ‘ਚ ਬੇਹੋਸ਼ੀ ਦੀ ਹਾਲਤ ‘ਚ ਪਾਈ ਗਈ। ਉਸ ਤੋਂ ਬਾਅਦ ਪਰਿਵਾਰਕ ਮੇਂਬਰ ਦਿੱਲੀ ਗਏ ਤਾਂ ਧੀ ਨੂੰ ਮਿਲੇl ਉਨ੍ਹਾਂ ਦੱਸਿਆ ਕਿ ਧੀ ਦੀ ਹਾਲਤ ਠੀਕ ਨਹੀਂ ਸੀ। ਉਸ ਦੇ ਚਿਹਰੇ ਤੇ ਛਾਤੀ ‘ਤੇ ਜ਼ਖ਼ਮ ਦੇ ਨਿਸ਼ਾਨ ਸਨ। ਪੀੜਤ ਲੜਕੀ ਦਾ ਪਤਾ ਲੈਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਸਿਵਲ ਹਸਪਤਾਲ ਪੁੱਜੇ l
ਇਸ ਮੌਕੇ ਉਨ੍ਹਾਂ ਪੀੜਤ ਲੜਕੀ ਦਾ ਇਲਾਜ ਕਰ ਰਹੇ ਡਾਕਟਰ ਤੇ ਲੜਕੀ ਦੇ ਪਰਿਵਾਰਕ ਮੇਂਬਰਾਂ ਨਾਲ ਮੁਲਾਕਾਤ ਕੀਤੀ l ਜਾਖੜ ਨੇ ਕਿਹਾ ਕਿ ਬੱਚੀ ਦੇ ਪੂਰੀ ਤਰ੍ਹਾਂ ਠੀਕ ਹੋਣ ‘ਤੇ ਹੀ ਪਤਾ ਚੱਲੇਗਾ ਕਿ ਉਸ ਨਾਲ ਕੀ ਵਾਪਰਿਆ ਹੈ l ਹਾਲੇ ਉਹ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ l ਜਾਖੜ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਬੱਚੀ ਨਾਲ ਜੋ ਵੀ ਮਾੜਾ ਹੋਇਆ ਹੈ, ਉਸ ਦੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀl ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦੀਆਂ ਕਿਹਾ ਕਿ ਪੰਜਾਬ ‘ਚ ਦਿਨੋਂ ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਪੰਜਾਬ ਵਿੱਚ ਗੈਂਗਸਟਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਉਨ੍ਹਾਂ ਨੂੰ ਨੱਥ ਪਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ l ਉਮੀਦ ਹੈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਇਸ ਗਰੀਬ ਵਿਅਕਤੀ ਦੀ ਮਦਦ ਕਰੋ ਤੇ ਇਨਸਾਫ ਦਿਵਾਓਗੇl