ਪਾਸਪੋਰਟ ਨਾ ਹੋਣ ਕਾਰਨ ਵਾਪਸੀ ਦੀ ਛੱਡ ਚੁੱਕਾ ਸੀ ਆਸ * ਉਡੀਕ ’ਚ ਮਾਂ ਤੇ ਭਰਾ ਦੁਨੀਆਂ ਤੋਂ ਕਰ ਗਏ ਕੂਚ ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : 24 ਸਾਲਾਂ ਪਿੱਛੋਂ ਪਰਿਵਾਰ ’ਚ ਪਰਤੇ ਗੁਰਤੇਜ਼ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਦਿਆਂ ਭਾਵੁਕ ਹੁੰਦਿਆ ਦੱਸਿਆ ਕਿ ਇਹ ਉਸ ਦਾ ਦੂਸਰਾ ਜਨਮ ਹੋਇਆ ਹੈ। ਗੁਰਤੇਜ਼ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਲਿਬਨਾਨ ਭੇਜਣ ਬਦਲੇ ਇਕ ਲੱਖ ਰੁਪਏ ਲਏ ਸਨ। ਇਹ ਇੱਕ ਲੱਖ ਉਸ ਨੇ ਉਨ੍ਹਾਂ ਸਮਿਆਂ ਵਿਚ ਕਿਵੇਂ ਇੱਕਠੇ ਕੀਤੇ ਇਹ ਗੱਲ ਉਹ ਜਾਣਦਾ ਸੀ ਜਾਂ ਫਿਰ ਰੱਬ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਰਹਿਣ ਵਾਲਾ ਗੁਰਤੇਜ਼ ਸਿੰਘ 33 ਸਾਲ ਦਾ ਸੀ ਜਦੋਂ ਆਪਣੇ ਛੋਟੇ-ਛੋਟੇ ਦੋਵਾਂ ਬੱਚਿਆਂ ਨੂੰ ਛੱਡ ਕੇ 2001 ਵਿਚ ਵਿਦੇਸ਼ ਗਿਆ ਸੀ। ਲਿਬਨਾਨ ਵਿਚ ਰਹਿੰਦਿਆ ਉਸ ਦਾ ਸਾਲ 2006 ’ਚ ਪਾਸਪੋਰਟ ਗੁੰਮ ਹੋ ਗਿਆ ਸੀ, ਜਿਸ ਕਾਰਨ ਉਸ ਦਾ ਘਰ ਵਾਪਸ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਉਸ ਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਬਹੁਤ ਪਹਿਲਾਂ ਬਣੇ ਹੋਣ ਕਾਰਨ ਉਸ ਲਈ ਪਾਸਪੋਰਟ ਬਣਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਜਦੋਂ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਸਪੋਰਟ ਨਾ ਮਿਲਿਆ ਤਾਂ ਉਹ ਆਪਣੀ ਵਾਪਸੀ ਦੀ ਉਮੀਦ ਤੱਕ ਛੱਡੀ ਬੈਠਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ। ਜਿਨ੍ਹਾਂ ਆਪਣਾ ਅਸਰ ਰਾਸੂਖ ਵਰਤਦਿਆਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰ ਕੇ ਗੁਰਤੇਜ਼ ਸਿੰਘ ਦੀ ਵਾਪਸੀ ਸੰਭਵ ਕਰਵਾਈ। ਬੇਗਾਨੀ ਧਰਤੀ ’ਤੇ ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੇ ਬੇਤਹਰੀਨ ਭਵਿੱਖ ਬਣਾਉਣ ਲਈ ਲਿਬਨਾਨ ਗਏ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਹ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਆਪਣੇ ਪਿੰਡ ਦੀ ਮਿੱਟੀ ਨੂੰ 24 ਸਾਲਾਂ ਬਾਅਦ ਚੁੰਮ ਸਕਿਆ। ਪਰਿਵਾਰ ਸਮੇਤ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਆਏ ਗੁਰਤੇਜ਼ ਸਿੰਘ ਨੇ ਆਪਣੀ ਹੱਡ ਬੀਤੀ ਦੱਸਦਿਆ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਕੋਟੀਆਂ-ਸਵੈਟਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰੰਮ ਕਰਦਾ ਸੀ। ਜਦੋਂ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਤਾਂ ਉਸ ਨੇ ਵਿਦੇਸ਼ ਜਾਣਾ ਦਾ ਮਨ ਬਣਾਇਆ ਸੀ। ਗੁਰਤੇਜ਼ ਸਿੰਘ ਨੇ ਦੱਸਿਆ ਕਿ ਲਿਬਨਾਨ ਪਹੁੰਚਣਾ ਵੀ ਉਸ ਲਈ ਇੱਕ ਵੱਡੀ ਚਣੌਤੀ ਸੀ। ਏਜੰਟ ਉਸ ਨੂੰ ਪਹਿਲਾਂ ਜੌਰਡਨ ਲੈ ਗਿਆ ਤੇ ਫਿਰ ਨਾਲ ਲੱਗਦੇ ਦੇਸ਼ ਸੀਰੀਆ ’ਚ ਉਸ ਦਾ ਦਾਖਲਾ ਕਰਵਾ ਦਿੱਤਾ। ਉਥੋਂ ਡੌਕੀ ਲਗਾਉਂਦਿਆ ਲਿਬਨਾਨ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉੱਥੇ ਰਹਿੰਦਿਆ ਜੰਗ ਵਰਗੇ ਮਾਹੌਲ ਵਿੱਚ ਕੰਮ ਕਰਨਾ ਉਸ ਲਈ ਬੜਾ ਮੁਸ਼ਕਿਲ ਸੀ। ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਕਰਨਾ ਪੈਂਦਾ ਸੀ। ਚੋਰੀ-ਛੁਪੇ ਰਹਿਣ ਕਾਰਨ ਹਮੇਸ਼ਾਂ ਧੁੜਕੂ ਲੱਗਾ ਰਹਿੰਦਾ ਸੀ ਕਿ ਕਿਧਰੇ ਫੜੇ ਨਾ ਜਾਈਏ। ਜਿਵੇਂ ਨਾ ਕਿਵੇਂ ਜਿੰਦਗੀ ਆਪਣੀ ਤੋਰ ਤੁਰਦੀ ਗਈ ਤੇ ਉਹ ਖੇਤਾਂ ਵਿੱਚ ਸਖਤ ਮਿਹਨਤ ਕਰਕੇ ਪਿੱਛੇ ਪਰਿਵਾਰ ਨੂੰ ਪਾਲ ਦਾ ਰਿਹਾ। ਗੁਰਤੇਜ਼ ਨੇ ਦੱਸਿਆ ਕਿ ਜਿਹੜੇ ਪੁੱਤਰ ਨੂੰ ਉਹ 24 ਸਾਲ ਪਹਿਲਾਂ ਛੋਟੇ ਛੋਟੇ ਛੱਡ ਕਿ ਗਿਆ ਸੀ ਉਹ ਕਦੋਂ ਜਵਾਨ ਹੋ ਗਏ ਉਸ ਨੂੰ ਪਤਾ ਹੀ ਨਹੀ ਲੱਗਿਆ। ਉਸ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਉਹ ਆਪਣੇ ਜਿਹੜੇ ਛੋਟੇ ਲੜਕਿਆਂ ਨੂੰ ਇੱਥੇ ਛੱਡ ਕਿ ਗਿਆ ਸੀ ਉਨ੍ਹਾਂ ਵਿੱਚੋਂ ਇੱਕ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਸ ਦੇ ਘਰ ਵੀ ਪੁੱਤਰ ਨੇ ਜਨਮ ਲਿਆ। ਗੁਰਤੇਜ਼ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜਦੋਂ ਉਸ ਨੇ ਦੱਸਿਆ ਕਿ ਉਹ ਜਦੋਂ 24 ਸਾਲਾਂ ਬਾਅਦ ਘਰ ਦੇ ਵਿਹੜੇ ਵੜ੍ਹਿਆ ਤਾਂ ਉਸ ਦੇ ਪੋਤੇ ਨੇ ਘੁਟ ਕੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਲਈ। ਗੁਰਤੇਜ਼ ਨੇ ਦੱਸਿਆ ਕਿ ਪਰਵਾਸ ਵਿੱਚ ਰਹਿੰਦਿਆ ਹੇਰਵਾ ਇਸ ਗੱਲ ਦਾ ਹੈ ਕਿ ਉਸ ਦੇ ਪਿੱਛੇਓ ਹੀ ਉਸਦੀ ਉਡੀਕ ਵਿੱਚ ਉਸ ਦੀ ਮਾਂ ਤੇ ਭਰਾ ਚਲੇ ਗਏ ਅਤੇ ਉਹ ਉਨ੍ਹਾਂ ਦੇ ਆਖਰੀ ਵਾਰ ਦੇ ਮੂੰਹ ਵੀ ਨਹੀਂ ਸੀ ਦੇਖ ਸਕਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਪਾਰਿਵਾਰਿਕ ਮੈਂਬਰਾਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਲੀਡਰਾਂ ਤੇ ਅਧਿਕਾਰੀਆਂ ਤੱਕ ਪਹੁੰਚ ਕਰਦੇ ਰਹੇ ਪਰ ਉਨ੍ਹਾਂ ਦੀ ਕੋਈ ਵੀ ਨਹੀ ਸੀ ਸੁਣ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਵਾਰ ਸੰਤ ਸੀਚੇਵਾਲ ਜੀ ਦੀਆਂ ਕੋਸ਼ਿਸ਼ਾਂ ਹੀ ਸੀ ਜਿਸ ਕਾਰਨ ਉਹ 24 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬੀ ਨੌਜਵਾਨ ਲੰਬਾ ਸਮਾਂ ਬੀਤਣ ਬਾਅਦ ਪਰਿਵਾਰ ਵਿੱਚ ਵਾਪਿਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਦੂਰ ਰਹਿ ਕਿ ਬੇਗਾਨੇ ਮੁਲਕ ਵਿੱਚ ਬੇਗਾਨੇ ਲੋਕਾਂ ਨਾਲ ਰਹਿਣਾ ਬਹੁਤ ਵੱਡੀ ਚੁਣੌਤੀ ਸੀ। ਉਨ੍ਹਾਂ ਦੱਸਿਆ ਕਿ ਪਾਸਪੋਰਟ ਬਹੁਤ ਜ਼ਿਆਦਾ ਪੁਰਾਣਾ ਹੋਣ ਕਾਰਨ ਕਾਫੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮਾਮਲੇ ਨੂੰ ਹਮਦਰਦੀ ਨਾਲ ਲਿਆ ਤੇ ਇਸ ਪੰਜਾਬੀ ਨੌਜਵਾਨ ਦੀ ਭਾਰਤ ਵਾਪਸੀ ਲਈ ਉਸ ਦੀ ਹਰ ਤਰ੍ਹਾਂ ਨਾਲ ਸੰਭਵ ਮਦੱਦ ਕੀਤੀ।