ਜਲੰਧਰ ਕੈਂਟ : ਜਲੰਧਰ-ਫਗਵਾੜਾ ਹਾਈਵੇ ਸਥਿਤ ਹੋਟਲ ਮੈਰੀਟਨ ਨਜ਼ਦੀਕ ਇਕ ਟੈਂਕਰ ਤੇ ਟ੍ਰੈਕਟਰ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੈਕਟਰ ਦੇ ਦੋ ਟੁਕੜੇ ਹੋ ਗਏ। ਹਾਦਸੇ ਤੋਂ ਬਾਅਦ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ। ਦੋ ਹਿੱਸਿਆਂ ਚ ਵੰਡੇ ਗਏ ਟ੍ਰੈਕਟਰ ਨੂੰ ਕਰੇਨ ਦੀ ਸਹਾਇਤਾ ਨਾਲ ਹਟਾਇਆ ਗਿਆ, ਜਿਸ ਤੋਂ ਬਾਅਦ ਟ੍ਰੈਫਿਕ ਸਮੱਸਿਆ ਦਾ ਹੱਲ ਹੋਇਆ। ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟ੍ਰੈਕਟਰ ਚਾਲਕ ਵਾਲ-ਵਾਲ ਬਚ ਗਿਆ।
ਘਟਣਾ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਕਟਰ ਚਾਲਕ ਨੇ ਦੋਸ਼ ਲਗਾਇਆ ਹੈ ਕਿ ਇਹ ਹਾਦਸਾ ਟੈਂਕਰ ਚਾਲਕ ਵੱਲੋਂ ਉਸ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ। ਟ੍ਰੈਕਟਰ ਚਾਲਕ ਦਾ ਕਹਿਣਾ ਹੈ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਤੇ ਇਸ ਦੌਰਾਨ ਪਿੱਛੇ ਤੋਂ ਆ ਰਹੇ ਟੈਂਕਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੈਂਕਰ ਨਾਲ ਟਕਰਾਉਣ ਤੋਂ ਬਾਅਦ ਉਸ ਦਾ ਟ੍ਰੈਕਟਰ ਪਲਟ ਗਿਆ। ਇਸ ਦੌਰਾਨ ਟ੍ਰੈਕਟਰ ਟੈਂਕਰ ਦੇ ਟਾਇਰਾਂ ’ਚ ਫਸ ਗਿਆ ਤੇ ਪਲਟ ਗਿਆ ਤੇ ਦੋ ਹਿੱਸਿਆਂ ’ਚ ਵੰਡਿਆ ਗਿਆ। ਘਟਨਾ ਦੌਰਾਨ ਉਹ ਸੜਕ ਦੇ ਦੂਜੇ ਪਾਸੇ ਡਿੱਗ ਗਿਆ, ਜਿਸ ਦੇ ਚਲਦਿਆਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਜਦ ਘਟਣਾ ਸਬੰਧੀ ਪੁਲਿਸ ਪ੍ਰਸ਼ਾਸਨ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦਕੋਹਾ ਚੌਕੀ, ਪਰਾਗਪੁਰ ਚੌਕੀ ਤੇ ਥਾਣਾ ਜਲੰਧਰ ਕੈਂਟ ਦੇ ਮੁਖੀਆਂ ਨੂੰ ਹਾਦਸੇ ਸਬੰਧੀ ਕੋਈ ਜਾਣਕਾਰੀ ਨਹੀਂ ਸੀ।