ਜਲੰਧਰ : ਦਮੋਰੀਆ ਪੁਲ ਰੋਡ ਸਥਿਤ ਸੰਤ ਸਿਨੇਮਾ ਨੇੜੇ ਜੈਨ ਆਈਸ ਫ਼ੈਕਟਰੀ ਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੇ ਮੱਦੇਨਜ਼ਰ ਬੁੱਧਵਾਰ ਸਵੇਰੇ ਚੰਡੀਗੜ੍ਹ ਤੇ ਜਲੰਧਰ ਦੀਆਂ ਟੀਮਾਂ ਫ਼ੈਕਟਰੀ ਚ ਪਹੁੰਚੀਆਂ। ਚੰਡੀਗੜ੍ਹ ਤੋਂ ਆਏ ਜਲੰਧਰ ਵੇਰਕਾ ਮਿਲਕ ਪਲਾਂਟ ਦੇ ਡਿਪਟੀ ਡਾਇਰੈਕਟਰ ਗੁਰਜੰਟ ਸਿੰਘ ਤੇ ਕਰਮਚਾਰੀ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਫੈਕਟਰੀ ’ਚ ਪਹੁੰਚ ਕੇ ਜਾਂਚ ਕਰ ਰਹੇ ਹਨ। ਮੌਕੇ ’ਤੇ ਪੁੱਜੀ ਟੀਮ ਨੇ ਦੱਸਿਆ ਕਿ ਹਾਦਸੇ ਕਾਰਨ ਫੈਕਟਰੀ ’ਚ ਜਮ੍ਹਾਂ ਹੋਈ ਬਾਕੀ ਅਮੋਨੀਆ ਗੈਸ ਨੂੰ ਕੱਢਿਆ ਜਾ ਰਿਹਾ ਹੈ। ਜਿਸ ਕਾਰਨ ਥਾਣਾ-3 ਦੀ ਪੁਲਿਸ ਤੇ ਪ੍ਰਸ਼ਾਸਨ ਨੇ ਦਮੋਰੀਆ ਪੁਲ ਤੋਂ ਰੇਲਵੇ ਸਟੇਸ਼ਨ ਤੇ ਦਮੋਰੀਆ ਪੁਲ ਤੋਂ ਅੱਡਾ ਹੁਸ਼ਿਆਰਪੁਰ ਚੌਕ ਨੂੰ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਦੇਰ ਰਾਤ ਕਰੀਬ 7 ਵਜੇ ਤੱਕ ਸੜਕ ਜਾਮ ਰਹੀ। ਜਿਸ ਕਾਰਨ ਦੁਕਾਨਦਾਰਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਪ੍ਰਸ਼ਾਸਨ ਨੇ ਦਮੋਰੀਆ ਪੁਲ ਤੋਂ ਆਵਾਜਾਈ ਨੂੰ ਮੋੜ ਦਿੱਤਾ ਸੀ ਸਾਰਾ ਦਿਨ ਸੜਕ ਜਾਮ ਰੱਖਣ ਕਾਰਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ ਕਿਉਂਕਿ ਲੋਕਾਂ ਦੀ ਸਹੂਲਤ ਲਈ ਰਾਤ 7 ਵਜੇ ਤੱਕ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਰੱਖਿਆ ਗਿਆ। ਟੀਮਾਂ ਵੱਲੋਂ ਰਾਤ ਨੂੰ ਫੈਕਟਰੀ ’ਚੋਂ ਅਮੋਨੀਆ ਗੈਸ ਕੱਢ ਦਿੱਤੀ ਗਈ, ਜਿਸ ਤੋਂ ਬਾਅਦ ਰਸਤਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਸੰਤ ਸਿਨੇਮਾ ਨੇੜੇ ਜੈਨ ਆਈਸ ਫੈਕਟਰੀ ਚ ਅਮੋਨੀਆ ਗੈਸ ਲੀਕ ਹੋਣ ਕਾਰਨ ਫੋਰਮੈਨ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਫੈਕਟਰੀ ਮਾਲਕ ਖਿਲਾਫ ਥਾਣਾ 3 ਚ ਐੱਫਆਈਆਰ ਦਰਜ ਕੀਤੀ ਗਈ ਹੈ ਜਦੋਂਕਿ ਪ੍ਰਸ਼ਾਸਨ ਵੱਲੋਂ ਫੈਕਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਪੁਲਿਸ ਨੇ ਐੱਫਆਈਆਰ ਫੈਕਟਰੀ ਮਾਲਕ ਨਿਨੀ ਕੁਮਾਰ ਜੈਨ ਵਾਸੀ ਮੁਹੱਲਾ ਨੰਬਰ 32, ਜਲੰਧਰ ਕੈਂਟ ਸਮੇਤ ਨਗਰ ਨਿਗਮ, ਪੰਜਾਬ ਫੈਕਟਰੀ ਵਿਭਾਗ, ਪੰਜਾਬ ਉਦਯੋਗ ਵਿਭਾਗ, ਪਾਵਰਕਾਮ ਤੇ ਪ੍ਰਦੂਸ਼ਣ ਵਿਭਾਗ ਦੇ ਅਣਪਛਾਤੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਬਾਅਦ ਐਤਵਾਰ ਨੂੰ ਜੈਨ ਆਈਸ ਮਿੱਲ ਚ ਫਿਰ ਤੋਂ ਗੈਸ ਲੀਕ ਹੋਣ ਤੇ ਹਫੜਾ-ਦਫੜੀ ਮਚ ਗਈ।