ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੀ ਆਧੀ ਖੂਹੀ ਪੁਲਿਸ ਚੌਕੀ ਦੇ ਘੇਰੇ ’ਚ ਪੈਂਦੇ ਜਲੰਧਰ-ਕਪੂਰਥਲਾ ਮਾਰਗ ’ਤੇ ਪੈਂਦੇ ਪਿੰਡ ਮੰਡ ਦੇ ਬਾਹਰ ਸਥਿਤ ਨੀਰਜ ਗਿਫਟ ਸੈਂਟਰ ਦੀ ਦੁਕਾਨ ਚਲਾ ਰਹੇ ਸਾਬਕਾ ਸਰਪੰਚ ’ਤੇ ਸਰਪੰਚੀ ਦੀ ਚੋਣ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪੀੜਤ ਸਾਬਕਾ ਸਰਪੰਚ ਹਰਜਿੰਦਰ ਬੂਟੀ ਦੇ ਪੁੱਤਰ ਨੀਰਜ ਨੇ ਦੱਸਿਆ ਕਿ ਰਾਤ ਤਕਰੀਬਨ 8 ਵਜੇ ਤੋਂ ਬਾਅਦ ਉਸ ਦਾ ਪਿਤਾ ਨਾਲ ਵਾਲੀ ਦੁਕਾਨ ’ਤੇ ਬੈਠਾ ਹੋਇਆ ਸੀ ਤੇ ਉਹ ਤੇ ਉਸ ਦੀ ਭੈਣ ਆਪਣੀ ਦੁਕਾਨ ’ਤੇ ਮੌਜੂਦ ਸਨ ਤਾਂ ਉੱਥੇ ਸਰਪੰਚੀ ਦੀ ਚੋਣ ਲੜਨ ਦਾ ਚਾਹਵਾਨ ਪਿੰਦੀ ਉਨ੍ਹਾਂ ਦੀ ਦੁਕਾਨ ’ਤੇ ਆਇਆ ਤਾਂ ਉੱਥੇ ਉਸ ਦਾ ਪਿਤਾ ਨਾ ਹੋਣ ਕਰ ਕੇ ਉਸ ਵੱਲੋਂ ਉਸ ਦੇ ਪਿਤਾ ਨੂੰ ਟੈਲੀਫੋਨ ਕੀਤਾ ਤੇ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਫੋਨ ’ਤੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਉਸ ਵੱਲੋਂ ਉਸ ਦੇ ਪਿਤਾ ਨੂੰ ਜਾਤੀਸੂਚਕ ਸ਼ਬਦ ਵੀ ਕਹੇ ਤੇ ਜਦ ਉਸ ਦੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਉਥੋਂ ਚਲਾ ਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਸਹਾਇਤਾ ਕੇਂਦਰ ’ਤੇ ਸੂਚਨਾ ਦੇਣ ’ਤੇ ਕੁਝ ਸਮੇਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ ਤੇ ਜਦ ਪੁਲਿਸ ਵਾਪਸ ਚਲੀ ਗਈ ਤਾਂ ਇਸੇ ਦੌਰਾਨ ਪਿੰਦੀ ਤੇ ਉਸ ਨਾਲ ਮੋਟਰਸਾਈਕਲਾਂ ’ਤੇ ਸਵਾਰ ਕੁਝ ਵਿਅਕਤੀ ਉੱਥੇ ਆਏ, ਜਿੰਨਾਂ ਵੱਲੋਂ ਉਸ ਦੇ ਪਿਤਾ ’ਤੇ ਹਮਲਾ ਕੀਤਾ ਗਿਆ। ਇਸੇ ਦੌਰਾਨ ਜਦ ਉਸ ਦੀ ਭੈਣ ਵੱਲੋਂ ਆਪਣੇ ਪਿਤਾ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਭੈਣ ’ਤੇ ਵੀ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਬੇਹੋਸ਼ ਹੋ ਗਈ ਤੇ ਉਸ ਦੇ ਪਿਤਾ ’ਤੇ ਵੀ ਹਥਿਆਰ ਨਾਲ ਵਾਰ ਕੀਤੇ। ਉਸ ਨੇ ਦੱਸਿਆ ਕਿ ਹਮਲਾਵਾਰਾ ਕੋਲੋਂ ਛਡਾਉਣ ਲਈ ਜਦ ਉਸ ਨੇ ਤੇ ਉਸ ਦੇ ਗੁਆਂਢੀ ਦੁਕਾਨਦਾਰ ਨੇ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ’ਤੇ ਵੀ ਹਮਲਾ ਕੀਤਾ ਤੇ ਫ਼ਰਾਰ ਹੋ ਗਏ, ਜਿਸ ਦੌਰਾਨ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ। ਨੀਰਜ ਨੇ ਦੱਸਿਆ ਕਿ ਉਸ ਵੱਲੋਂ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀ ਸਹਾਇਤਾ ਨਾਲ ਆਪਣੇ ਪਿਤਾ ਤੇ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਦੁਬਾਰਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਆਰਜੀ ਤੌਰ ’ਤੇ ਥਾਣਾ ਮਕਸੂਦਾ ਦੇ ਮੁਖੀ ਵਜੋਂ ਕਾਰਜ ਸੰਭਾਲ ਰਹੇ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਸਿਵਲ ਹਸਪਤਾਲ ਪੁੱਜੇ ਹਨ, ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਦੇ ਬਿਆਨ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ’ਚ ਵੀ ਕੈਦ ਹੋਈ ਹੈ ਜਿਸ ਦੇ ਆਧਾਰ ’ਤੇ ਵੀ ਕਾਰਵਾਈ ਕੀਤੀ ਜਾਵੇਗੀ।