ਐੱਸ.ਏ.ਐੱਸ. ਨਗਰ ਪੁਲਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਮੋਹਾਲੀ ਦੇ ਨਵਾਂਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿਚ ਤੁਰੰਤ ਇਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸ ਦੀ ਗੱਡੀ ਅਣਪਛਾਤੇ ਹਮਲਾਵਰਾਂ ਦੁਆਰਾ ਜ਼ਬਰਦਸਤੀ ਖੋਹ ਲਈ ਗਈ ਸੀ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ‘ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ, ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਕਈ ਪੁਲਸ ਟੀਮਾਂ ਬਣਾਈਆਂ ਗਈਆਂ ਅਤੇ ਤੁਰੰਤ ਕਾਰਵਾਈ ਕਰਦੇ ਹੋਏ, ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ, ਮੁਨੀਸ਼ ਸਿੰਘ ਉਰਫ ਅੰਸ਼ ਪੁੱਤਰ ਸ਼ਮਸ਼ੇਰ ਸਿੰਘ ਅਤੇ ਐਜਾਜ਼ ਅਹਿਮਦ ਉਰਫ ਵਸੀਮ ਪੁੱਤਰ ਗੁਲਾਮ ਮੁਹੰਮਦ ਵਜੋਂ ਹੋਈ ਹੈ ਤੇ ਇਹ ਤਿੰਨੋ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਇਨ੍ਹਾਂ ਕੋਲੋਂ ਖੋਹੀ ਗਈ ਗੱਡੀ ਅਤੇ ਅਪਰਾਧ ਵਿਚ ਵਰਤੀ ਗਈ .32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ। ਪੁੱਛ-ਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲ਼ੀ ਮਾਰਨ ਅਤੇ ਬਾਅਦ ਵਿਚ ਮੋਹਾਲੀ ਖੇਤਰ ਵਿਚ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਜਾਰੀ ਹੈ। ਮੁਲਜ਼ਮ ਸਾਹਿਲ ਬਸ਼ੀਰ, ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਸ ਸਟੇਸ਼ਨ ਵਿਚ ਦਰਜ UAPA ਅਤੇ ਅਸਲਾ ਐਕਟ ਦੇ ਇਕ ਮਾਮਲੇ ਵਿਚ ਲੋੜੀਂਦਾ ਹੈ। ਉਸ ਦੇ ਭਰਾ ਐਜਾਜ਼ ਅਹਿਮਦ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰ ਗਰਾਊਂਡ ਵਰਕਰ (OGW) ਵਜੋਂ ਹੋਈ ਹੈ।ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਸ ਰਾਜ ਵਿਚ ਅਮਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਵਚਨਬੱਧ ਹੈ। ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੀ ਧਰਤੀ ‘ਤੇ ਕਿਸੇ ਵੀ ਤਰ੍ਹਾਂ ਦੀ ਰਾਸ਼ਟਰ-ਵਿਰੋਧੀ ਗਤੀਵਿਧੀ ਨੂੰ ਥਾਂ ਨਾ ਮਿਲ ਸਕੇ।