
ਅਜੇ ਕੁਝ ਦਿਨ ਪਹਿਲਾਂ ਹੀ ਸਰਕਲ ਮਜੀਠਾ ਦੇ ਸ਼ਰਾਬ ਦੇ ਠੇਕੇ ਉੱਪਰ ਫਾਇਰਿੰਗ ਦਾ ਮਸਲਾ ਠੰਢਾ ਨਹੀਂ ਪਿਆ ਸੀ ਕਿ ਅੱਜ ਦੇਰ ਸ਼ਾਮ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਸਰਕਲ ਮਜੀਠਾ ਦੇ ਠੇਕੇ ਨਵਾਂ ਪਿੰਡ, ਜੋ ਥਾਣਾ ਝੰਡੇਰ ਅਧੀਨ ਪੈਂਦਾ ਹੈ, ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਤੇ ਠੇਕੇ ‘ਤੇ ਬੈਠੇ ਸੇਲਜਮੈਨ ਨੇ ਲੁਕ ਕੇ ਆਪਣੀ ਜਾਨ ਬਚਾਈ।
ਇਸ ਸਬੰਧੀ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਸਵਰਗੀ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਪਰਿਵਾਰ ਦੇ ਕਾਰੋਬਾਰੀਆਂ ਦੇ ਸ਼ਰਾਬ ਦੇ ਠੇਕੇ ਹਨ। ਕੁਝ ਦਿਨ ਪਹਿਲਾਂ ਵੀ ਠੇਕੇ ਤੇ ਉਨ੍ਹਾਂ ਦੇ ਘਰ ‘ਤੇ ਵੀ ਗ੍ਰਨੇਡ ਹਮਲਾ ਹੋਇਆ ਸੀ ਪਰ ਅੱਜ ਦੇਰ ਸ਼ਾਮ ਚੱਲੀ ਗੋਲੀ ਦੌਰਾਨ ਇਲਾਕੇ ਵਿੱਚ ਪੂਰੀ ਦਹਿਸ਼ਤ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੌਕੇ ਪਹੁੰਚੇ ਥਾਣਾ ਝੰਡੇਰ ਦੇ ਐੱਸ ਐੱਚ ਓ ਮੁਖਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਠੇਕੇ ਉੱਪਰ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।