
ਪਹਾੜੀ ਇਲਾਕਿਆਂ ‘ਚ ਹੋਈ ਤਾਜ਼ਾ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ। ਇਕ ਪਾਸੇ ਜਿੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਉਥੇ ਹੀ ਲੋਕਾਂ ਨੂੰ ਵੱਧਦੀ ਗਰਮੀ ਤੋਂ ਰਾਹਤ ਵੀ ਮਿਲੀ ਹੈ। ਮੌਸਮ ਦਾ ਮਿਜਾਜ਼ ਅਜੇ ਦੋ ਦਿਨ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਉਮੀਦ ਹੈ। 30 ਮਾਰਚ ਤੋਂ ਬਾਅਦ ਤਾਪਮਾਨ ਫਿਰ 3 ਤੋਂ 5 ਡਿਗਰੀ ਵਧੇਗਾ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ 48 ਘੰਟਿਆਂ ਵਿਚ ਤਾਪਮਾਨ ‘ਚ 3 ਤੋਂ 4 ਡਿਗਰੀ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ 30 ਮਾਰਚ ਤੋਂ ਬਾਅਦ ਤਾਪਮਾਨ ਵਿਚ ਮੁੜ ਤੋਂ ਵਾਧਾ ਸ਼ੁਰੂ ਹੋਵੇਗਾ ਅਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ਔਸਤਨ 5.7 ਡਿਗਰੀ ਸੈਲਸੀਅਸ ਘਟਿਆ ਹੈ। ਹਾਲਾਂਕਿ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ 12.4 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਸ਼ਹਿਰ ਰਿਹਾ।
ਮਾਰਚ ਦੇ ਮਹੀਨੇ ਵਿੱਚ ਵੀ ਪੰਜਾਬ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਆਮ ਤੌਰ ‘ਤੇ ਸੂਬੇ ਵਿੱਚ 28 ਮਾਰਚ ਤੱਕ 21.5 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਹੁਣ ਤੱਕ ਸਿਰਫ਼ 7.6 ਮਿਲੀਮੀਟਰ ਬਾਰਿਸ਼ ਹੋਈ ਹੈ। ਇਸੇ ਤਰ੍ਹਾਂ ਪਿਛਲੇ ਮਹੀਨੇ ਵੀ ਸੂਬੇ ‘ਚ 20 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਸੀ।